top of page
cs036 (1).jpg

ਅਖਾੜੇ ਦਾ ਇਤਿਹਾਸ

ਬੀ. ਸੀ. ਸੂਬੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ

​

Read in English

ਸਥਾਪਨਾ

ਗੁਰਮਤਿ ਸਟੱਡੀਜ਼ ਫਾਊਂਡੇਸਨ ਦੀ ਸਥਾਪਣਾ ਅਤੇ ਗੁਰੂ ਨਾਨਕ ਅਕੈਡਮੀ ਖੋਲ੍ਹਣ ਸਮੇਂ ਸੰਸਥਾ ਦੇ ਬਾਨੀ ਗੁਰਮੁੱਖ ਪਿਆਰੇ ਭਾਈ ਪਰਮਿੰਦਰ ਸਿੰਘ ਜੀ ਇੱਕ ਗੱਤਕੇ ਦਾ ਉਸਤਾਦ ਲੱਭ ਰਹੇ ਸਨ। ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਟੋਰਾਂਟੋ ਦੇ ਸਹਿਯੋਗ ਨਾਲ ਉਸਤਾਦ ਭਾਈ ਚਰਨਜੀਤ ਸਿੰਘ ਜੀ ਦੀਪ ਮਾਲਾ ਜੋੜ ਮੇਲੇ ਤੋਂ ਥੋੜੇ ਹੀ ਦਿਨਾਂ ਬਾਅਦ ਸਰੀ ਸ਼ਹਿਰ ਵਿੱਚ ਪਹੁੰਚੇ ਅਤੇ ਬੀ. ਸੀ. ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਦੀ ਸਥਾਪਣਾ ਹੋਈ।

​

ਭਾਈ ਸਾਹਿਬ ਪਰਮਿੰਦਰ ਸਿੰਘ ਜੀ ਅਤੇ ਭਾਈ ਸਾਹਿਬ ਚਰਨਜੀਤ ਸਿੰਘ ਜੀ ਦੀ ਅਗਵਾਈ ਹੇਠ ਕੁੱਝ ਮਹੀਨਿਆਂ ਦੇ ਅੰਦਰ ਹੀ ਅਕੈਡਮੀ ਅਤੇ ਅਖਾੜੇ ਦੀ ਬਹੁਤ ਚੜ੍ਹਦੀ ਕਲਾ ਹੋਈ। ਅਖਾੜੇ ਦੇ ਪਹਿਲੇ ਗੱਤਕਈ ਬਿਨ ਨਾਗਾ ਹੋਰਰੋਜ਼ ਕੰਮਾਂ-ਕਾਰਾਂ ਅਤੇ ਪੜ੍ਹਾਈਆਂ ਤੋਂ ਫ੍ਰੀ ਹੋ ਕੇ ਘੱਟ ਤੋਂ ਘੱਟ ੪ ਘੰਟੇ ਸ਼ਸਤਰ ਅਭਿਆਸ ਅਤੇ ਗੱਤਕੇ ਦੀ ਮਿਹਨਤ ਕਰਦੇ ਸਨ। ਇਸ ਸਮੇਂ ਵਿਦਿਆਰਥੀ ਸੋਚਦੇ ਸਨ ਕਿ ਪਤਾ ਨਹੀਂ ਭਾਈ ਸਾਹਿਬ ਕਿੰਨੇ ਸਮੇਂ ਲਈ ਇੱਥੇ ਸਾਡੇ ਕੋਲ ਹੋਣਗੇ ਸੋ ਅਸੀਂ ੳਸਤਾਦ ਦੀ ਸੰਗਤ ਦਾ ਪੂਰਾ ਲਾਹਾ ਲਈਏ। 

DDDemo.png

ਸਨ ੨੦੦੪ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ (ਸਰੀ)

ਉਸਤਾਦ ਭਾਈ ਚਰਨਜੀਤ ਸਿੰਘ ਜੀ

ਉਸਤਾਦ ਭਾਈ ਚਰਨਜੀਤ ਸਿੰਘ ਜੀ ਦਾ ਜਨਮ ਪਿੰਡ ਪਰਤਾਪਗੜ੍ਹ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਪਹਿਲਾਂ ਤੋਂ ਹੀ ਭਾਈ ਸਾਹਿਬ ਬਹੁਤ ਹੀ ਗੁਰਮੁੱਖ ਸੁਭਾਉ ਵਾਲੇ ਸਨ ਅਤੇ ਖਾਲਸੇ ਦੀਆਂ ਰਹੁ-ਰੀਤਾਂ ਨਾਲ ਬਹੁਤ ਪ੍ਰੇਮ ਰੱਖਦੇ ਸਨ। ਛੋਟੀ ਹੀ ਉਮਰ ਵਿੱਚ ਆਪ ਜੀ ਗੁਰਮਤਿ ਵਿੱਦਿਆ ਪੜ੍ਹਨ ਲਈ ਪਿੰਡ ਚੌਧਰਪੁਰ ਬਾਬਾ ਹਰਮੀਤ ਸਿੰਘ ਜੀ ਦੇ ਡੇਰੇ ਪਹੁੰਚੇ ਜਿਥੋਂ ਆਪ ਜੀ ਨੇ ਗੁਰਬਾਣੀ ਦੀ ਸੰਥਯਾ, ਘੋੜ-ਸਵਾਰੀ, ਅਤੇ ਸ਼ਸਤਰ ਵਿੱਦਿਆ ਦੀ ਦਾਤ ਪ੍ਰਾਪਤ ਕਰਨ ਦੀ ਸ਼ੁਰੂਆਤ ਕੀਤੀ। ਇਨਾਂ ਦਿਨਾਂ ਦੇ ਵਿੱਚ ਭਾਈ ਸਾਹਿਬ ਦੇ ਗੁਰਭਾਈ ਆਪ ਜੀ ਨੂੰ "ਪ੍ਰਤਾਪਗੜ੍ਹੀਆ" ਦੇ ਨਾਮ ਨਾਲ ਸੰਬੋਧਨ ਕਰਿਆ ਕਰਦੇ ਸਨ।

​

ਚੌਧਰਪੁਰ ਤੋਂ ਚਾਲਾ ਪਾ ਕਰਕੇ ਭਾਈ ਸਾਹਿਬ ਜੀ ਨੇ ਅਗਲਾ ਪੜਾਂ ਤਪੋਬਨ ਢੱਕੀ ਸਾਹਿਬ, ਪਿੰਡ ਮਕਸੂਦੜਾ (ਲੁਧਿਆਣਾ) ਲਾਇਆ।

dhakkiakhara.png

ਭਾਈ ਚਰਨਜੀਤ ਸਿੰਘ ਜੀ ਤਪੋਬਨ ਢੱਕੀ ਸਾਹਿਬ ਦੇ ਸਿੰਘਾਂ ਨਾਲ ਅਖਾੜੇ ਵਿੱਚ ਹਾਜ਼ਰੀ ਭਰਦੇ ਹੋਏ (ਧੰਨਵਾਦ: ਤਪੋਬਨ ਢੱਕੀ ਸਾਹਿਬ)

ਤਪੋਬਨ ਢੱਕੀ ਸਾਹਿਬ ਕੁੱਝ ਸਮਾਂ ਬਿਤਾਕੇ ਆਪ ਜੀ ਨੇ ਕਾਫੀ ਸਮਾਂ ਦਮਦਮੀ ਟਕਸਾਲ ਮਹਿਤਾ ਚੌਂਕ ਲਾਇਆ ਜਿਥੋਂ ਆਪ ਜੀ ਨੇ ਇਤਿਹਾਸਿਕ ਗ੍ਰੰਥਾਂ ਦੀ ਵਿੱਦਿਆ (ਸ੍ਰੀ ਗੁਰਪਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਆਦਿ) ਪ੍ਰਾਪਤ ਕੀਤੀ। ਇਸ ਸਮੇਂ ਭਾਈ ਸਾਹਿਬ ਜੀ ਨੇ ਟਕਸਾਲ ਦੇ ਮਹਿਤਾ ਚੌਂਕ ਹੈਡਕੁਆਰਟਰ ਵਿਖੇ ਅਖਾੜੇ ਦੀ ਸੰਭਾਲ ਜੱਥੇਦਾਰ ਹਰੀ ਸਿੰਘ ਜੀ ਗੱਤਕਈ ਦੀ ਅਗਵਾਈ ਹੇਠ ਕੀਤੀ। ਟਕਸਾਲ ਵਿੱਚ ਸਾਰੇ ਸਿੰਘ ਭਾਈ ਸਾਹਿਬ ਜੀ ਨੂੰ ਜਿਆਦਾ ਤਰ "ਢੱਕੀ" ਨਾਮ ਨਾਲ ਸੰਬੋਧਨ ਕਰਿਆ ਕਰਦੇ ਸਨ।

mehta.png

ਉਸਤਾਦ ਭਾਈ ਚਰਨਜੀਤ ਸਿੰਘ ਜੀ ਅਤੇ ਦਮਦਮੀ ਟਕਸਾਲ ਮਹਿਤਾ ਚੌਂਕ ਦੇ ਗੱਤਕਈ

ਇਸ ਸਮੇਂ ਦੌਰਾਨ ਭਾਈ ਸਾਹਿਬ ਜੀ ਗੱਤਕੇ ਦੇ ਮੁਕਾਬਿਲਆਂ ਵਿਚ ਭਾਗ ਲੈਂਦੇ ਰਹੇ। ਸਨ ੨੦੦੨ ਵਿੱਚ ਭਾਈ ਸਾਹਿਬ ਜੀ ਨੇ ਅਕਾਲ ਅਖਾੜਾ ਅੰਮ੍ਰਿਤਸਰ ਨਾਲ ਪਹਿਲਾ ਇੰਟਰਨੈਸ਼ੀਨਲ ਗੱਤਕਾ ਮੁਕਾਬਲਾ ਮੁੰਬਈ ਵਿੱਚ ਭਾਗ ਲਿਆ। ਇਨਾਂ ਸਾਲਾਂ ਵਿੱਚ ਦਮਦਮੀ ਟਕਸਾਲ ਗੱਤਕਾ ਪਾਰਟੀ ਨੇ ਖਾਲਸਾ ਕਾਲਜ ਅੰਮ੍ਰਿਤਰ ਵੱਲੋਂ ਕਰਾਏ ਗਏ ਮੁਕਾਬਲੇ ਵਿੱਚ ਭਾਗ ਲਿਆ ਜਿਸ ਵਿੱਚ ਭਾਈ ਸਾਹਿਬ ਜੀ ਨੇ ਸਰਦਾਰ ਹਰੀ ਸਿੰਘ ਨਲੂਆ ਅਵਾਰਡ ਪ੍ਰਾਪਤ ਕੀਤਾ।

bombay.png

ਉਸਤਾਦ ਭਾਈ ਚਰਨਜੀਤ ਸਿੰਘ ਜੀ ਅਕਾਲ ਅਖਾੜੇ ਨਾਲ ਸਨ ੨੦੦੨ ਵਿੱਚ ਗੱਤਕਾ ਮਾਸਟਰ ਉਸਤਾਦ ਬਾਬਾ ਪ੍ਰੀਤਮ ਸਿੰਘ ਜੀ (ਰੰਜੀਤ ਅਖਾੜਾ ਬੁੱਢਾ ਦਲ) ਤੋਂ ਸਨਮਾਨ ਪ੍ਰਾਪਤ ਕਰਦੇ ਹੋਏ

ਸਨ ੨੦੦੩ ਵਿੱਚ ਭਾਈ ਸਾਹਿਬ ਜੀ ਨੇ ਵਿਦੇਸ਼ ਲਈ ਚਾਲਾ ਪਾਇਆ। ਸਭ ਤੋਂ ਪਹਿਲਾਂ ਉਸਤਾਦ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ (ਟੋਰਾਂਟੋ) ਅਤੇ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਸੱਦੇ-ਪੱਤਰ ਨਾਲ ਕਨੇਡਾ ਪਹੁੰਚੇ ਅਤੇ ਟੋਰਾਂਟੋ ਇਲਾਕੇ ਵਿੱਚ ਸਿਖਲਾਈ ਦੇਣੀ ਸ਼ੁਰੂ ਕੀਤੀ। ਭਾਈ ਸਾਹਿਬ ਜੀ ਨੇ ਟੋਰਾਂਟੋ ਵਿੱਚ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਅਤੇ ਸ਼ਸਤਰ ਵਿੱਦਿਆ ਗੱਤਕੇ ਦੇ ਪ੍ਰਚਾਰ ਦੀ ਲਹਿਰ ਉਠਾਈ ਜਿਸ ਦੇ ਫ਼ਲ ਦਾ ਅਨੰਦ ਟੋਰਾਂਟੋ ਦੀਆਂ ਸਿੱਖ ਸੰਗਤਾਂ ਅੱਜ ਤੱਕ ਮਾਨ ਰਹੀਆਂ ਹਨ। ਲੱਗ-ਪੱਗ ੨ ਮਹੀਨੇ ਟੋਰਾਂਟੋ ਸੇਵਾ ਕਰਕੇ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਦੇ ਸੱਦੇ ਨਾਲ ਉਸਤਾਦ ਜੀ ਬ੍ਰਿਟਿਸ਼ ਕੋਲੰਬੀਆ ਦੀ ਧਰਤੀ ਤੇ ਪਹੁੰਚੇ।

torontoakhara.png

ਸਨ ੨੦੦੩ ਵਿੱਚ ਉਸਤਾਦ ਭਾਈ ਚਰਨਜੀਤ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ (ਟੋਰਾਂਟੋ) ਦੇ ਸਿੰਘਾਂ ਨਾਲ

ਸਰੀ ਸ਼ਹਿਰ ਵਿੱਚ ਅਖਾੜੇ ਦੀ ਸ਼ੁਰੂਆਤ

ਲੱਗ-ਪੱਗ ੮ ਮਹੀਨਿਆਂ ਦੇ ਵਿੱਚ ਉਸਤਾਦ ਜੀ ਨੇ ਸਰੀ ਦੀਆਂ ਸਿੱਖ ਸੰਗਤਾਂ ਵਿੱਚ ਸ਼ਸਤਰ ਵਿੱਦਿਆ ਗੱਤਕਾ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਾਰੇ ਹੀ ਇਲਾਕੇ ਦੀ ਸੰਗਤ ਬਹੁਤ ਪ੍ਰਭਾਵਤ ਹੋਈ। ਹਰਰੋਜ਼ ਸ਼ਾਮਾਂ ਨੂੰ ਗੁਰੂ ਨਾਨਕ ਅਕੈਡਮੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ (ਸਰੀ) ਵਲੋਂ ਕਲਾਸਾਂ ਲਗਦੀਆਂ ਸਨ ਅਤੇ ਨਾਲ ਹੀ ਉਸਤਾਦ ਗਿਆਨ ਸਿੰਘ ਜੀ ਦੀ ਪ੍ਰੇਰਨਾ ਸਦਕਾ ਦਿਨੇ ਖਾਲਸਾ ਸਕੂਲ ਸਰੀ (ਨਿਊਟਨ) ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਸਿਖਲਾਈ ਦਿਤੀ ਜਾਂਦੀ ਸੀ। ਜਦੋਂ ਵੀ ਸਮਾਂ ਲਗੇ ਆਪ ਜੀ ਐਬਟਸਫੋਰਡ ਸ਼ਹਿਰ ਪਹੁੰਚਕੇ ਓਥੇ ਵੀ ਅਖਾੜੇ ਸਜਾਉਂਦੇ ਸਨ। ਸਰੀ ਦੇ ਅਖਾੜੇ ਵਿਚ ਪਹਿਲੇ ਵਿੱਦਿਆਰਥੀਆਂ ਵਿਚੋਂ ਗੁਰਮੁਖ ਪਿਆਰੇ ਬੀਬੀ ਰੀਨਾ ਕੌਰ ਜੀ ਵੀ ਸਨ। ਇਨਾਂ ਦਿਨਾਂ ਦੇ ਵਿੱਚ ਅਖਾੜੇ ਵਲੋਂ ਗੱਤਕਈ ਸਿੰਘ-ਸਿੰਘਣੀ ਤਿਆਰ ਹੋਇ ਅਤੇ ਉਸਤਾਦ ਜੀ ਅਤੇ ਭਾਈ ਪਰਮਿੰਦਰ ਸਿੰਘ ਜੀ ਦੀ ਅਗਵਾਈ ਹੇਠ ਵੱਖ-ਵੱਖ ਸਮਾਗਮਾਂ ਅਤੇ ਨਗਰ ਕੀਰਤਨਾਂ ਵਿੱਚ ਹਾਜ਼ਰੀਆਂ ਭਰਦੇ ਰਹੇ।

oliver.png

ਬੀਬੀ ਰੀਨਾ ਕੌਰ ਸਨ ੨੦੦੪ ਵਿਚ ਬੀ. ਸੀ. ਦੇ ਔਲੀਵਰ ਸ਼ਹਿਰ ਵਿਖ ਅਖਾੜੇ ਵਿੱਚ ਹਾਜ਼ਰੀ ਭਰਦੇ ਹੋਏ

੭ ਮਈ ਸਨ ੨੦੦੪ ਵਿੱਚ ਅਕਾਲ ਪੁਰਖ ਜੀ ਦਾ ਐਸਾ ਭਾਣਾ ਵਰਤਿਆ ਜਿਸ ਦੇ ਨਾਲ ਬੀ. ਸੀ. ਦੀ ਸਿੱਖ ਸੰਗਤ ਵਿੱਚ ਬਹੁਤ ਭਾਰਾ ਘਾਟਾ ਪਿਆ। ਗੁਰਮਤਿ ਸਟੱਡੀਜ਼ ਫਾਊਂਡੇਸ਼ਨ ਦੇ ਸੇਵਾਦਾਰ ਬੀ. ਸੀ. ਤੋਂ ਕਨੇਡਾ ਦੇ ਐਡਮੰਟਨ ਸ਼ਹਿਰ ਦੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਲਈ ਗੱਡੀ ਤੇ ਸਫਰ ਕਰ ਰਹੇ ਸਨ ਜਦੋਂ ਗੁਰਸਿਖਾਂ ਦੀ ਗੱਡੀ ਦਾ ਬਹੁਤ ਭਾਰਾ ਐਕਸੀਡੈਂਟ ਹੋਇਆ। ਇਸ ਘਟਨਾ ਵਿੱਚ ਗੁਰਮੁੱਖ ਪਿਆਰੇ ਭਾਈ ਪਰਮਿੰਦਰ ਸਿੰਘ ਜੀ, ਭਾਈ ਚਰਨਜੀਤ ਸਿੰਘ ਜੀ, ਅਤੇ ਬੀਬੀ ਰੀਨਾ ਕੌਰ ਜੀ ਨੇ ਆਪਣੀ ਸੰਸਾਰਕ ਜੀਵਨ ਯਾਤਰਾ ਪੂਰੀ ਕੀਤੀ। ਅੱਜ ਤੱਕ ਤਿਨਾਂ ਹੀ ਗੁਰਮੱਖਾਂ ਦੀ ਬਰਸੀ ਹਰ ਸਾਲ ਕਨੇਡਾ ਵਿੱਚ ਮਨਾਈ ਜਾਂਦੀ ਹੈ।

accident.png

ਕੁੱਝ ਸਮੇਂ ਲਈ ਵੱਖ-ਵੱਖ ਗੁਰਸਿੱਖ ਸਰੀ ਦੇ ਅਖਾੜੇ ਵਿੱਚ ਪਹੁੰਚ ਕੇ ਸਿਖਲਾਈ ਦੀ ਸੇਵਾ ਕਰਦੇ ਰਹੇ। ਸਨ ੨੦੦੫ ਵਿੱਚ ਉਸਤਾਦ ਭਾਈ ਚਰਨਜੀਤ ਸਿੰਘ ਜੀ ਦੇ ਹੱਥੋਂ ਤਿਆਰ ਕੀਤੇ ਸ਼ਾਗਰਿਦ, ਭਾਈ ਤੇਗਬੀਰ ਸਿੰਘ, ਭਾਈ ਦਮਨ ਸਿੰਘ, ਅਤੇ ਭਾਈ ਨਵਦੀਪ ਸਿੰਘ ਨੇ ਅਖਾੜੇ ਦੀ ਸੇਵਾ-ਸੰਭਾਲ ਲਈ। ਅਖਾੜੇ ਵਲੋਂ ਗੱਤਕੇ ਦਾ ਪ੍ਰਚਾਰ ਇੱਕ ਵਾਰੀ ਫੇਰ ਵੱਡੇ ਪੱਧਰ ਤੇ ਹੋਣ ਲੱਗਿਆ ਅਤੇ ਆਉਣ ਵਾਲੇ ਸਾਲਾਂ ਵਿੱਚ ਬਹੁ ਗਿਣਤੀ ਵਿੱਚ ਗੱਤਕਈ ਤਿਆਰ ਹੋਇ। ਇਸ ਸਮੇਂ ਦੌਰਾਨ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਲਈ, ਮੁਕਾਬਲਿਆਂ ਵਿੱਚ ਭਾਗ ਲੈਣ ਲਈ, ਅਤੇ ਗੱਤਕੇ ਦੀ ਸਿਖਲਾਈ ਦੇਣ ਲਈ ਅਖਾੜੇ ਵਲੋਂ ਖਿਡਾਰੀ ਬਾਹਰਲੇ ਸ਼ਹਿਰਾਂ ਅਤੇ ਮੁਲਕਾਂ ਵਿੱਚ ਜਾਣ ਲੱਗੇ। ਗੁਰੂ ਮਹਾਰਾਜ ਅਤੇ ਉਸਤਾਦਾਂ ਦੀ ਕਿਰਪਾ ਦੁਆਰਾ ਖਿਡਾਰੀਆਂ ਨੂੰ ਇਸ ਸਮੇਂ ਤੋਂ ਉੱਚ ਕੋਟੀ ਦੇ ਸਥਾਨ ਅਤੇ ਮੁਕਾਬਲਿਆਂ ਵਿੱਚ ਇਨਾਮ ਹਾਸਿਲ ਹੋਣ ਲੱਗੇ।

​

ਉਸਤਾਦ ਭਾਈ ਚਰਨਜੀਤ ਸਿੰਘ ਦੀ ਸੋਚ ਦੇ ਪਹਿਰਾ ਦੇਣ ਦਾ ਯਤਨ ਕਰਨ ਲਈ ਅਖਾੜੇ ਵੱਲੋਂ ਇਨਾਂ ਸਾਲਾਂ ਵਿੱਚ ਬਾਹਰਲੀਆਂ ਕਮਊਨਟੀਆਂ ਵਿੱਚ ਗੱਤਕੇ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਖ਼ਾਸ ਕਰਕੇ ਸਨ ੨੦੧੦ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਵਲੋਂ ਓਲਿੰਪਕ ਗੇਮਾਂ ਦੇ 'ਓਫਿਸ਼ਲ ਟਾਰਚ ਰੀਲੇ' ਦੌਰਾਨ ਸ਼ਹਿਰ ਨਿਊ ਵੈਸਟਮਿਨਸਟਰ ਵਿਖੇ ਗੱਤਕੇ ਦੀ ਪ੍ਰਦਰਸ਼ਨੀ ਕਰਵਾਈ ਗਈ।

​

ਸਨ ੨੦੧੩ ਤੋਂ ਲੈ ਕਰਕੇ ਕੋਵਿਡ-੧੯ ਦੀ ਮਹਾਂਮਾਰੀ ਦੇ ਲਾਕਡਾਊਨ ਤੱਕ ਅਖਾੜੇ ਦੀ ਸੇਵਾ-ਸੰਭਾਲ ਉਸਤਾਦ ਓਂਕਾਰ ਸਿੰਘ ਨੇ ਕੀਤੀ ਅਤੇ ਗੱਤਕੇ ਦਾ ਪ੍ਰਚਾਰ ਨੂੰ ਉਸਤਾਦ ਓਂਕਾਰ ਸਿੰਘ ਨੇ ਜਾਰੀ ਰੱਖਿਆ।

olympics.png

ਉਸਤਾਦ ਤੇਗਬੀਰ ਸਿੰਘ ਓਲਿੰਪਕ ਟਾਰਚ ਰੀਲੇ ਦੌਰਾਨ ਘੇਰਾ ਅਤੇ ਫਤਹਿਨਾਮਾ ਲੈਂਦੇ ਹੋਏ

e.png

ਸਨ ੨੦੦੬ ਵਿੱਚ ਭਾਈ ਦਮਨ ਸਿੰਘ ੩ ਗੁਰਮੁੱਖਾਂ ਦੇ ਬਰਸੀ ਸਮਾਗਮ ਦੌਰਾਨ ਅਖਾੜੇ ਸਮੇਤ ਅਰਦਾਸ ਬੇਨਤੀ ਕਰਦੇ ਹੋਏ

ਅੱਜ ਦਾ ਸਮਾਂ

ਸਨ ੨੦੨੧ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਵਲੋਂ ਗੱਤਕੇ ਦੀ ਸਿਖਲਾਈ ਫੇਰ ਆਰੰਭ ਹੋਈ। ਸੱਭ ਤੋਂ ਪਹਿਲਾਂ ਬੀ. ਸੀ. ਦੀ ਰਾਜਧਾਨੀ ਸ਼ਹਿਰ ਵਿਕਟੋਰੀਆ ਵਿਖੇ ਅਖਾੜੇ ਦੀ ਸ਼ਾਖ "ਜੱਥਾ ਸੰਤ ਤੇਜਾ ਸਿੰਘ" ਸੀ ਸਥਾਪਨਾ ਹੋਈ। ਇਸ ਤੋਂ ਉਪਰੰਤ ਉਸਤਾਦ ਤੇਗਬੀਰ ਸਿੰਘ ਅਤੇ ਨਾਲ ਹੋਰ ਜੁੜੇ ਸੇਵਾਦਾਰਾਂ ਵੱਲੋਂ ਸਰੀ ਸ਼ਹਿਰ ਵਿੱਚ ਅਖਾੜੇ ਦੁਬਾਰਾ ਤੋਂ ਸਜਣ ਲੱਗੇ। ੩ ਗੁਰਮੁੱਖ ਪਿਆਰਿਆਂ ਦੇ ਬਰਸੀ ਸਮਾਗਮ ਸਮੇਂ ਸਨ ੨੦੨੧ ਵਿੱਚ ਉਸਤਾਦ ਚਰਨਜੀਤ ਸਿੰਘ ਜੀ ਦੇ ਕਨੇਡਾ ਵਿੱਚ ਕੀਤਾ ਗੱਤਕਾ ਪ੍ਰਚਾਰ ਬਾਰੇ ਸਿਲਕ ਰੋਡ ਪ੍ਰੋਡੱਕਸ਼ਨ ਕੰਪਨੀ ਵੱਲੋਂ ਇੱਕ ਡਾਕਊਮੈਂਟਰੀ ਫਿਲਮ ਤਿਆਰ ਹੋਈ ਜਿਸ ਦੇ ਵਿੱਚ ਅਖਾੜੇ ਨੇ ਵੱਧ-ਚੜ੍ਹਕੇ ਭਾਗ ਲਿਆ।

 

ਸਨ ੨੦੨੨ ਦੇ ਹੋਲੇ ਮਹੱਲੇ ਸਮਾਗਮਾਂ ਦੌਰਾਨ ਉਸਤਾਦ ਤੇਗਬੀਰ ਸਿੰਘ ਜੀ ਅਤੇ ਉਸਤਾਦ ਤੇਜਿੰਦਰ ਪਾਲ ਸਿੰਘ ਜੀ ਦੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਵਿਖੇ ਮੁਲਾਕਾਤ ਹੋਈ। ਉਸਤਾਦ ਤੇਜਿੰਦਰ ਪਾਲ ਸਿੰਘ ਜੀ ਸੁਲਤਾਨਪੁਰ ਲੋਧੀ ਦਾ ਮੀਰੀ-ਪੀਰੀ ਗੱਤਕਾ ਅਖਾੜਾ ਦੇ ਸਵ: ਬਾਪੂ ਸੋਹਨ ਸਿੰਘ ਜੀ ਦੇ ਚੰਡੇ ਹੋਏ ਸ਼ਾਗਿਰਦ ਹਨ। ਸਨ ੨੦੨੨ ਤੋਂ ਉਸਤਾਦ ਤੇਜਿੰਦਰ ਪਾਲ ਸਿੰਘ ਜੀ ਅਖਾੜੇ ਵਿੱਚ ਸ਼ਾਮਲ ਹੋਏ। ਅੱਜ ਦੇ ਸਮੇਂ ਵਿਚ ਉਸਤਾਦ ਤੇਜਿੰਦਰ ਪਾਲ ਸਿੰਘ ਜੀ ਤੋਂ ਖਿਡਾਰੀ ਵਿੱਦਿਆ ਪ੍ਰਾਪਤ ਕਰਨ ਲਈ ਦੂਰੋਂ-ਨੇੜਿਓਂ ਚੱਲ ਕੇ ਆਉਂਦੇ ਹਨ।

​

ਬੀ. ਸੀ. ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਵੱਲੋਂ ਇਸ ਸਮੇਂ ਸਰੀ ਅਤੇ ਵਿਕਟੋਰੀਆ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਗੁਰੂ ਮਹਾਰਾਜ ਅਤੇ ਉਸਤਾਦਾਂ ਦੀ ਕਿਰਪਾ ਦੁਆਰਾ ਸਿੱਖ ਸੰਗਤਾਂ ਵਿੱਚ ਅਤੇ ਬਾਹਰਲੀਆਂ ਕਮਊਨਟੀਆਂ ਵਿੱਚ ਵੀ ਅਖਾੜੇ ਵੱਲੋਂ ਗੱਤਕੇ ਦਾ ਪ੍ਰਚਾਰ ਕੀਤਾ ਜਾਂਦਾ ਹੈ।

 

ਮਈ ੨੦੨੫ ਵਿੱਚ ਯੂ. ਐਫ. ਸੀ. ਦਾ ਸਾਬਕਾ ਮੈਂਬਰ ਅਰਜਣ ਭੁੱਲਰ ਵੱਲੋਂ ਅਖਾੜੇ ਨੂੰ ਇੱਕ ਪ੍ਰੋਫੈਸ਼ਨਲ ਮਾਰਸ਼ੀਅਲ ਆਰਟ ਇਵੈਂਟ ਦੌਰਾਨ ਗੱਤਕੇ ਦੀ ਪ੍ਰਦਰਸ਼ਨੀ ਕਰਨ ਲਈ ਸੱਦਿਆ ਗਿਆ।

e (1).png

੨੦੨੬ ਦਮਦਮਾ ਗੱਤਕਾ ਚੈਂਪੀਅਨਸ਼ਿੱਪ ਦੌਰਾਨ ਟੋਰਾਂਟੋ, ਸਰੀ, ਅਤੇ ਵਿਕਟੋਰੀਆ ਸ਼ਹਿਰ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕੇ ਅਖਾੜਿਆਂ ਦੀ ਸਮੱਚੀ ਤਸਵੀਰ।

ਉਸਤਾਦਾਂ ਅਤੇ ਗੁਰਮੁੱਖਾਂ ਦਾ ਸਤਿਕਾਰ

ਸ਼ੁਰੂ ਤੋਂ ਹੀ ਸ਼ਹੀਦ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਨੂੰ ਬਜ਼ੁਰਗਾਂ, ਗੁਰਮੁੱਖਾਂ ਅਤੇ ਉਸਤਾਦਾਂ ਨਾਲ ਸਾਂਝ ਪਾਉਣ ਦਾ ਮੌਕਾ ਮਿਲਿਆ। ਇਹ ਸਾਹਿਬ ਪਰਮਿੰਦਰ ਸਿੰਘ ਅਤੇ ਉਸਤਾਦ ਭਾਈ ਚਰਨਜੀਤ ਸਿੰਘ ਵੱਲੋਂ ਅਸੂਲ ਸਿਖਾਇਆ ਗਿਆ ਸੀ ਕਿ ਜਿਹੜੇ ਵੀ ਸਤਿਕਾਰਯੋਗ ਸੱਜਣ ਅਖਾੜੇ ਉਤੇ ਗੁਰਮਤਿ ਅਤੇ ਵਿੱਦਿਆ ਦੀ ਬਖਸ਼ਿਸ਼ ਕਰਨ ਨੂੰ ਤਿਆਰ ਹਨ ਉਨਾ ਦੇ ਅੱਗੇ ਹਮੇਸ਼ਾਂ ਨਿਵਕੇ ਚਲਣਾ ਅਤੇ ਪਿਆਰ ਨਾਲ ਅਖਾੜੇ ਵਿੱਚ ਸਾਂਝ ਪਾਉਣ ਲਈ ਸੱਦਾ ਦੇਣਾ।

​

ਇਸੇ ਪਰਕਾਰ ਅਖਾੜਾ ਹਮੇਸ਼ਾ ੳਸਤਾਦ ਬਾਬਾ ਮਹਾਂਵੀਰ ਸਿੰਘ ਜੀ ਅਤੇ ਉਸਤਾਦ ਬਾਬਾ ਗਿਆਨ ਸਿੰਘ ਦਾ ਰਿਣੀ ਹੈ ਜਿਨਾਂ ਨੇ ਬੇਅੰਤ ਗੁਰਸਿੱਖਾਂ ਨੂੰ ਸ਼ਸਤਰ ਵਿੱਦਿਆ ਦੀ ਦਾਤ ਬਖਸ਼ੀ ਅਤੇ ਬੀ. ਸੀ. ਦੇ ਸੂਬੇ ਵਿੱਚ ਸੱਭ ਤੋਂ ਸੀਨੀਅਰ ਉਸਤਾਦ ਹਨ। ਦੋਨੋ ਹੀ ਉਸਤਾਦ ਅਖਾੜੇ ਦੇ ਸੇਵਾਦਾਰਾਂ ਨੂੰ ਪਿਆਰ ਦੇ ਕੇ ਮਾਨ ਬਖਸ਼ਿਸ਼ ਕਰਦੇ ਹਨ ਅਤੇ ਕਾਰਜਾਂ ਵਿੱਚ ਆਪ ਜੀਆਂ ਤੋਂ ਸਿੱਖਿਆ ਅਤੇ ਸਲਾਹ ਲਈ ਜਾਂਦੀ ਹੈ।

e (2).png

੨੦੨੪ ਦਮਦਮਾ ਗੱਤਕਾ ਚੈਂਪੀਅਨਸ਼ਿੱਪ ਦੌਰਾਨ ਤੇਗਬੀਰ ਸਿੰਘ ਅਤੇ ਪੁਨੀਤ ਸਿੰਘ ਉਸਤਾਦ ਬਾਬਾ ਮਹਾਂਵੀਰ ਸਿੰਘ ਅਤੇ ਉਸਤਾਦ ਬਾਬਾ ਗਿਆਨ ਸਿੰਘ ਦੇ ਨਾਲ।

ਸਮੇਂ-ਸਮੇਂ ਬਹੁਤੇ ਹੀ ਗੁਰਮੁੱਖਾਂ ਅਤੇ ਪ੍ਰਚਾਰਕਾਂ ਨੇ ਅਖਾੜੇ ਵਿੱਚ ਚਰਨ ਪਾਏ ਅਤੇ ਵਿੱਦਿਆ ਦੀ ਸਾਂਝ ਪਾਈ ਜਿਸ ਤਰਾਂ: ਜੱਥੇਦਾਰ ਸੰਤ ਬਾਬਾ ਮਾਨ ਸਿੰਘ ਜੀ ਗੁਰੂ ਨਾਨਕ ਦਲ, ਜੱਥੇਦਾਰ ਬਾਬਾ ਜਗਜੀਤ ਸਿੰਘ ਜੀ ਗੁਰੂ ਨਾਨਕ ਦਲ, ਗਿਅਨੀ ਜੰਗਬੀਰ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਸ਼ੇਰ ਸਿੰਘ ਜੀ ਬੁੱਢਾ ਦਲ ਅੰਬਾਲਾ, ਭਾਈ ਅਮੋਲਕ ਸਿੰਘ ਜੀ ਆਸਟ੍ਰੇਲੀਆ, ਉਸਤਾਦ ਉਪਤੇਜ ਸਿੰਘ ਜੀ ਯੂ. ਕੇ., ਆਦਿ.

e (3).png

ਜੱਥੇਦਾਰ ਸੰਤ ਬਾਬਾ ਮਾਨ ਸਿੰਘ ਜੀ ਸਨ ੨੦੧੩ ਵਿੱਚ ਅਖਾੜੇ ਵਿੱਚ ਹਾਜ਼ਰੀ ਭਰਦੇ ਹੋਏ

e (4).png

ਜੱਥੇਦਾਰ ਬਾਬਾ ਜਗਜੀਤ ਸਿੰਘ ਜੀ ਡੀ. ਜੀ. ਸੀ. ਜੂਨੀਅਰਜ਼ ੨੦੨੫ ਮੁਕਾਬਲੇ ਦੌਰਾਨ ਅਖਾੜੇ ਵਿੱਚ ਹਾਜ਼ਰੀ ਭਰਦੇ ਹੋਏ

ਜਲਾਈ ੨੦੨੩ ਵਿੱਚ ਅਖਾੜੇ ਵਲੋਂ ਸੱਚ ਖੰਡ ਵਾਸੀ ਉਸਤਾਦ ਭਾਈ ਚਰਨਜੀਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਦਾ ਯਤਨ ਕਰਨ ਲਈ ਪਹਿਲੀ ਵਾਰ ਦਮਦਮਾ ਗੱਤਕਾ ਚੈਂਪੀਅਨਸ਼ਿੱਪ ਦਾ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲੇ ਦਾ ਨਿਸਚਾ ਇਹ ਹੈ ਕਿ ਵਰਲਡ-ਲੈਵਲ ਤੇ ਸ਼ਸਤਰ ਵਿੱਦਿਆ ਗੱਤਕਾ ਦਾ ਪ੍ਰਚਾਰ ਕੀਤਾ ਜਾਵੇ। ਇਸ ਸਲਾਨਾ ਮੁਕਾਬਲੇ ਦੇ ਨਾਲ ਹਰ ਸਾਲ "ਡੀ. ਜੀ. ਸੀ. ਜੂਨੀਅਰਜ਼" ਦਾ ਮੁਕਾਬਲਾ ਸਕੂਲ ਦੇ ਉਮਰ ਦੇ ਬੱਚਿਆਂ ਲਈ ਸਰਦੀਆਂ ਵਿੱਚ ਕਰਾਇਆ ਜਾਂਦਾ ਹੈ।

​

ਪੰਜਵਾਂ ਸਲਾਨਾ ਦਮਦਮਾ ਗੱਤਕਾ ਚੈਂਪੀਅਨਸ਼ਿੱਪ ੧੦ ਅਤੇ ੧੧ ਜਲਾਈ ੨੦੨੭ ਨੂੰ ਕਰਵਾਇਆ ਜਾਵੇਗਾ।

e (5).png

ਉਸਤਾਦ ਤੇਜਿੰਦਰਪਾਲ ਸਿੰਘ ਜੀ ਭਾਈ ਜੋਬਨਪ੍ਰੀਤ ਸਿੰਘ ਜੀ ਨੂੰ ੨੦੨੬ ਦਮਦਮਾ ਗੱਤਕਾ ਚੈਂਪੀਅਨਸ਼ਿਪ ਦੇ ਜੇਤੂ ਐਲਾਨ ਕਰਦੇ ਹੋਏ

Thanks for subscribing!

© 2026 Shaheed Baba Deep Singh Ji Gatka Akhara

bottom of page